ਸਿਆਣਿਆਂ ਨੇ ਕਿਹਾ
ਕਿਤਾਬ ਓਹ ਚੰਗੀ ਜੀਹਨੂੰ ਪੜ੍ਹਦੇ-ਪੜ੍ਹਦੇ ਖ਼ੁਦ ਓਸ ਵਿਚਲਾ ਕੋਈ ਪਾਤਰ ਹੋ ਜਾਈਏ...
ਅਗਿਆਤ
ਡੂੰਘੇ ਬੋਲ
ਅੱਜਕਲ੍ਹ ਦੇ ਵਿਆਹਾਂ 'ਤੇ ਕੁੜੀ-ਮੁੰਡੇ ਵੱਲੋਂ ਕੀਤਾ ਖਰਚਾ 30-40 ਲੱਖ ਜਾਂ ਜ਼ਿਆਦਾ ਤੱਕ ਵੀ ਪਹੁੰਚ ਜਾਂਦਾ... ਏਧਰੋਂ ਫੁਕਰਪੁਣਾ ਘਟਾ ਕੇ ਬਾਕੀ ਪੈਸੇ 'ਚ ਨਵੀਂ ਦੁਨੀਆ ਵਸਾਉਣ ਜਾ ਰਹੀ ਜੋੜੀ ਲਈ ਕੋਈ ਚੰਗਾ ਕਾਰੋਬਾਰ ਵੀ ਖੋਲ੍ਹਿਆ ਜਾ ਸਕਦਾ ਪਰ...
ਅਗਿਆਤ
ਗੌਰ ਕਰਿਓ
ਜਿਹੜੇ ਸਮਾਜ ਸੇਵਕ ਦੂਜਿਆਂ ਦੇ ਵਿਰੋਧ ਦੇ ਨਾਲ-ਨਾਲ ਕੋਈ ਚੰਗਾ ਬਦਲ ਲੋਕਾਂ ਸਾਮ੍ਹਣੇ ਨਹੀਂ ਰੱਖਦੇ ਤਾਂ ਸਮਝੋ ਉਨ੍ਹਾਂ ਦਾ ਵਿਰੋਧ ਕੁਰਸੀ ਤੇ ਪੈਸੇ ਤੱਕ ਸੀਮਤ ਹੈ...
ਅਗਿਆਤ
ਵੇਲੇ-ਵੇਲੇ ਦੀ ਗੱਲ
ਲੰਗਾਰ ਹੋਏ ਜਿਹੜੇ ਲੀੜੇ ਲੱਤੇ ਦਾ ਪੋਚਾ ਬਣਾਈਦਾ ਸੀ, ਓਹੋ ਜਿਹਾ ਅੱਜਕਲ੍ਹ ਕੁੜੀਆਂ ਦਾ ਫੈਸ਼ਨ ਬਣਦਾ ਜਾਂਦਾ...
ਅਗਿਆਤ
ਠਾਹ ਸੋਟਾ
ਲੋਕਾਂ ਦੇ ਕਿਰਦਾਰ ਦੇਖ ਕੇ ਅੱਜਕਲ੍ਹ ਗੁੱਸੇ-ਗੱਸੇ ਹੋਣ 'ਤੇ ਸਮਾਂ ਖਰਾਬ ਕਰਨ ਦੀ ਬਜਾਏ ਸਿੱਧਾ ਦਿਲ-ਦਿਮਾਗ ਚੋਂ ਦਫ਼ਾ ਕਰੀਦਾ...
ਅਗਿਆਤ
ਠੋਕੋ ਤਾਲੀ
ਬਹੁਤਿਆਂ ਨੂੰ ਪਤਾ ਕਿ ਵਹਿਮ-ਭਰਮ, ਜਾਦੂ-ਟੂਣਾ, ਭੂਤਾਂ-ਪ੍ਰੇਤਾਂ, ਰਾਸ਼ੀਫਲ, ਪੁਨਰ-ਜਨਮ, ਚਮਤਕਾਰ ਵਗੈਰਾ-ਵਗੈਰਾ ਸਭ ਬਕਵਾਸ ਏ, ਪਰ ਫੇਰ ਵੀ ਇਨ੍ਹਾਂ ਮਗਰ ਲੱਗੇ ਹੋਏ ਨੇ... ਇਸ ਤਰ੍ਹਾਂ ਧੰਦਾ ਚਲਾਉਣ ਵਾਲੇ ਆਪਣਾ ਹੁਨਰ ਦਿਖਾ ਕੇ ਬਹੁਗਿਣਤੀ ਦਾ ਸਮਾਂ ਤੇ ਪੈਸਾ ਹੜੱਪੀ ਜਾਂਦੇ ਨੇ...
ਅਗਿਆਤ
ਡੂੰਘੇ ਬੋਲ
ਪੜ੍ਹ-ਲਿਖ ਕੇ ਵੀ ਕਿਤਾਬਾਂ ਨਾ ਪੜ੍ਹਨ ਵਾਲਾ, ਕਿਤਾਬਾਂ ਪੜ੍ਹ ਨਾ ਸਕਣ ਵਾਲੇ ਅਨਪੜ੍ਹ ਨਾਲੋਂ ਵੱਧ ਫਾਇਦੇਮੰਦ ਨੀ ਹੁੰਦਾ...
ਅਗਿਆਤ
ਗੁਰੂ-ਸ਼ਿਸ਼
ਵਾਹ ਗੁਰੂਦੇਵ..! ਤੁਸੀਂ ਤਾਂ ਕਮਾਲ ਕਰ ਦਿੱਤੀ... ਕਿੰਨੇ ਦਿਨ ਲੱਗੇ ਏਸ ਮਹਾਨ ਰਚਨਾ ਨੂੰ..?
ਪਿਆਰੇ ਸ਼ਿਸ਼, ਮਹਾਨ ਕਾਰਜ ਤੇ ਖੋਜਾਂ ਨੂੰ ਦਿਨ ਈ ਨਹੀਂ ਰਾਤਾਂ ਵੀ ਲਗਦੀਆਂ ਨੇ...
ਅਗਿਆਤ
ਠਾਹ ਸੋਟਾ
ਹੋਰ ਤਾਂ ਸਭ ਕੁੱਝ ਜ਼ਾਲਮ ਹਕੂਮਤ ਨੇ ਕਰਕੇ ਨਜ਼ਾਰਾ ਲੈ ਲਿਆ, ਬਸ ਇੱਕ ਰਾਸ਼ਟਰੀ ਗੀਤ 'ਚੋਂ ਪੰਜਾਬ ਕੱਢਣਾ ਬਾਕੀ ਰਹਿ ਗਿਆ...
ਅਗਿਆਤ
ਮਹਾਨ ਵਿਚਾਰ
ਅਫ਼ਸੋਸ ਇਸ ਗੱਲ ਦਾ ਏ ਦੁਨੀਆ ਸਿਰਫ਼ ਉਹਨਾਂ ਲੋਕਾਂ ਦਾ ਸੰਘਰਸ਼ ਈ ਜਾਣਦੀ ਐ ਜੋ ਸਫ਼ਲ ਹੁੰਦੇ ਨੇ...
ਅਗਿਆਤ
ਸਾਦੇ ਬੋਲ
ਜਦੋਂ ਲੋਕਾਂ ਵਿਚਕਾਰ ਧਨ ਦਾ ਵਟਾਂਦਰਾ ਹੁੰਦਾ ਤਾਂ ਧਨ ਓਨੇ ਦਾ ਓਨਾ ਰਹਿੰਦਾ ਬਸ ਕਿਸੇ ਕੋਲ ਘੱਟ ਤੇ ਕਿਸੇ ਕੋਲ ਜ਼ਿਆਦਾ ਹੋ ਜਾਂਦਾ, ਪਰ ਜਦੋਂ ਲੋਕਾਂ ਵਿਚਕਾਰ ਗਿਆਨ ਦਾ ਵਟਾਂਦਰਾ ਹੁੰਦਾ ਤਾਂ ਹਰ ਕਿਸੇ ਦਾ ਗਿਆਨ ਵਧਦਾ... ਅਫ਼ਸੋਸ ਕਿ ਅੱਜਕਲ੍ਹ ਲੋਕੀਂ ਧਨ ਵਟਾਉਣ 'ਚ ਵਧੇਰੇ ਮਗ਼ਨ ਹਨ...
ਅਗਿਆਤ
ਪਿਆਰੇ ਬੋਲ
ਜਦੋਂ ਕਰੋਧ ਲਈ ਸ਼ਬਦ ਛੋਟੇ ਪੈ ਜਾਣ ਤਾਂ ਆਦਮੀ ਹਿੰਸਾ ਉੱਤੇ ਉੱਤਰ ਆਉਂਦਾ ਹੈ ਤੇ ਜਦੋਂ ਪ੍ਰੇਮ ਲਈ ਸ਼ਬਦ ਛੋਟੇ ਪੈ ਜਾਣ ਤਾਂ ਮਨੁੱਖ ਚੁੱਪ ਕਰਕੇ ਆਪਣੇ ਪ੍ਰੇਮੀ ਨੂੰ ਸਿਰਫ਼ ਨਿਹਾਰਦਾ ਹੈ...
ਅਗਿਆਤ
ਡੂੰਘੇ ਬੋਲ
ਜੋ ਅਨੰਦ ਤੇ ਸਕੂਨ ਕੁਦਰਤੀ ਰੰਗਾਂ ਤੇ ਰੋਸ਼ਨੀਆਂ 'ਚ ਹੈ, ਓਹ ਨਕਲੀ ਨਾਲ ਨਹੀਂ ਆ ਸਕਦਾ...
ਅਗਿਆਤ
ਗੌਰ ਕਰਿਓ
ਨਵੇਂ ਗੀਤ ਵਾਲਿਆਂ ਨੇ ਆਪਣੇ ਪੇਜ਼ ਉੱਤੇ ਕੁਸ਼ ਏਸ ਤਰ੍ਹਾਂ ਐਡ ਪਾਈ ਸੀ, ਸਾਡਾ ਵੀਡੀਓ ਗੀਤ ਪਰਿਵਾਰ 'ਚ ਬੈਠ ਕੇ ਦੇਖਣ ਵਾਲਾ...
ਹੇਠਾਂ ਕਿਸੇ ਦਾ ਲਿਖਿਆ ਹੋਇਆ, ਪਰਿਵਾਰ ਰਹੇ ਈ ਕਿੱਥੇ ਨੇ ਅੱਜਕਲ੍ਹ ਤੇ ਜੇ ਕੋਈ ਬਚਿਆ ਤਾਂ ਬੈਠਦਾ ਈ ਕੌਣ ਜੇ..!
ਅਗਿਆਤ
ਠਾਹ ਸੋਟਾ
ਲੋਕਾਂ ਨੂੰ ਚੂੰਡ-ਚੂੰਡ ਖਾਣ ਵਾਲੀਆਂ ਜੋਕਾਂ, ਦੋ ਨੰਬਰ ਦੀ ਕਮਾਈ ਕਰਨ ਵਾਲੇ, ਲੁੱਟ-ਖੋਹ ਨਾਲ ਦੂਜਿਆਂ ਦਾ ਪੈਸਾ ਹੜੱਪਣ ਵਾਲੇ, ਆਪਣੀ ਗੱਡੀ ਪਿੱਛੇ ਜਾਂ ਘਰ ਦੇ ਬਾਹਰ ਲੱਗੀ ਤਖਤੀ 'ਤੇ ਕੋਈ ਧਾਰਮਿਕ ਬੋਲ ਲਿਖਾਉਣਾ ਨਹੀਂ ਭੁੱਲਦੇ...
ਅਗਿਆਤ
ਇੱਕ ਖ਼ਬਰ
25 ਕਿੱਲਿਆਂ ਦੀ ਮਾਲਕੀ ਵਾਲੇ ਦੀ ਘਰਵਾਲੀ ਸ਼ਹਿਰ 'ਚ ਪ੍ਰਵਾਸੀਆਂ ਦੀ ਸਬਜ਼ੀ ਆਲੀ ਦੁਕਾਨ 'ਤੇ 500 ਰੁਪਏ ਕਿੱਲੋ ਲਸਣ ਨੂੰ ਮਾੜ੍ਹਾ ਜਹਾ ਘੱਟ ਕਰਨ ਲਈ ਹਾੜ੍ਹੇ ਕੱਢਦੀ ਦੇਖੀ ਗਈ...
ਅਗਿਆਤ
ਛਿੱਕੂ ਕਨੂੰਨ
ਜ਼ੇਲ੍ਹ ਵਿੱਚ ਮੋਬਾਈਲ ਤੇ ਇੰਟਰਨੈੱਟ ਦੀ ਵਰਤੋਂ ਨਹੀਂ ਕਰ ਸਕਦੇ...
...ਕਿਉਂਕਿ ਇੱਥੇ ਪਰਦੇ ਪਿੱਛੇ ਇਨ੍ਹਾਂ ਸਹੂਲਤਾਂ ਦਾ ਪੂਰਾ ਪ੍ਰਬੰਧ ਹੈ...
ਅਗਿਆਤ
ਕੁੱਤੇਖਾਣੀ
ਸਾਬ੍ਹ ਦੌਰੇ 'ਤੇ ਨੇ
ਸਾਬ੍ਹ ਮੀਟਿੰਗ 'ਚ ਨੇ
ਸਾਬ੍ਹ ਚੰਡੀਗੜ੍ਹ ਗਏ ਨੇ
ਸਾਬ੍ਹ ਦੇਰੀ ਨਾਲ ਆਉਣਗੇ
ਸਾਬ੍ਹ ਵੱਡੇ ਸਾਬ੍ਹ ਵੱਲ ਗਏ ਨੇ
ਸਾਬ੍ਹ ਜ਼ਰੂਰੀ ਫੈਲਾਂ ਦੇਖ ਰਹੇ ਨੇ
ਸਾਬ੍ਹ ਅਰਾਮ ਫੁਰਮਾ ਰਹੇ ਨੇ
ਸਾਬ੍ਹ ਖਾਣਾ ਖਾ ਰਹੇ ਨੇ
ਸਾਬ੍ਹ ਅਜੇ ਬਿਜ਼ੀ ਨੇ
ਸਾਬ੍ਹ ਛੁੱਟੀ 'ਤੇ ਨੇ
ਸਾਬ੍ਹ...
ਅਗਿਆਤ
ਸਿਆਣਿਆਂ ਨੇ ਕਿਹਾ
ਸਰੀਰ ਤੇ ਗਿਆਨ ਲਈ ਖਰਚਿਆ ਪੈਸਾ ਤੇ ਲਾਇਆ ਸਮਾਂ ਕਦੇ ਵਿਅਰਥ ਨਹੀਂ ਜਾਂਦਾ ਤੇ ਨਾ ਈ ਚੋਰੀ ਹੋਣ ਦਾ ਖਤਰਾ...
ਅਗਿਆਤ
ਸੁੱਚੇ ਮੋਤੀ
ਜਿੱਥੇ ਮੌਕਾ ਮਿਲੇ ਬਜ਼ੁਰਗਾਂ ਦੀਆਂ ਗੱਲਾਂ ਸੁਣਨ ਲਈ ਰੁਕ ਜਾਣਾ ਚਾਹੀਦਾ, ਕਿਉਂਕਿ ਉਨ੍ਹਾਂ ਦੇ ਤਜ਼ਰਬੇ ਤੇ ਮੱਤਾਂ ਗੁੱਗਲ 'ਤੇ ਨੀ ਲੱਭਦੀਆਂ...
ਅਗਿਆਤ
ਠਾਹ ਸੋਟਾ
ਦੇਸ 'ਚ ਸੱਤਾ ਦੀ ਭੁੱਖ ਲਈ ਘੱਟਗਿਣਤੀਆਂ ਦੀ ਨਸਲਕੁਸ਼ੀ ਵੀ ਹੁੰਦੀ ਰਹੇਗੀ ਤੇ ਇਨ੍ਹਾਂ ਦੇ ਧਾਰਮਿਕ ਅਸਥਾਨ ਵੀ ਢਹਿੰਦੇ ਰਹਿਣਗੇ ਜਦੋਂ ਤੱਕ ਅਖੌਤੀ ਲੋਕਤੰਤਰ ਕਾਇਮ ਰਹੇਗਾ...
ਅਗਿਆਤ
ਨਵੀਂ ਪੀੜ੍ਹੀ ਦੇ ਗਾਇਕ ਤੇ ਗੀਤਕਾਰ
ਪੰਜਾਬ ਦੇ ਵਿਰਸੇ ਤੇ ਸੱਭਿਆਚਾਰ 'ਤੇ ਕੁੱਝ ਲਿਖਲੋ, ਧਰਮ ਤੇ ਇਤਿਹਾਸ 'ਤੇ ਕਲਮ ਵਾਹਲੋ, ਸਮਾਜਿਕ ਮੁੱਦਿਆਂ 'ਤੇ ਡੁੱਬਲੋ, ਸਰਕਾਰੀ ਅੱਤਵਾਦ 'ਤੇ ਚੀਖਲੋ, ਭ੍ਰਿਸ਼ਟਾਚਾਰ ਵਰਗੇ ਕੋਹੜ 'ਤੇ ਬਕਲੋ, ਇਨਸਾਨੀਅਤ 'ਤੇ ਕਲਮ ਘਸਾਲੋ, ਮਾਂ-ਬੋਲੀ 'ਤੇ ਲਿਖਲੋ, ਕੁਦਰਤ 'ਤੇ ਲਿਖਲੋ... ਪਰ ਨਹੀਂ ਮੈਂ, ਮੈਂ, ਮੈਂ, ਮੈਂ, ਮੈਂ, ਮੈਂ, ਮੈਂਅ, ਮੈਂਅ, ਮੈਂਅ, ਮੈਂ, ਮੈਂ, ਮੈਂ, ਮੈਂਅਅ, ਮੈਂਅਅ, ਮੈਂਅਅ, ਮੈਂ, ਮੈਂ, ਮੈਂ, ਮੈਂਅਅਅ... ਠਾਹ, ਠਾਹ, ਠਾਅਹ, ਠਾਅਹ, ਠਾਹਅਅਅ, ਠਾਹਅਅਅ, ਠਾਹ, ਠਾਅਹਅਅ...
ਅਗਿਆਤ
ਵੇਲੇ-ਵੇਲੇ ਦੀ ਗੱਲ
ਬਜ਼ੁਰਗਾਂ ਨੇ ਮਰਦੇ ਦਮ ਤੱਕ ਆਪਣੀ ਬੋਲੀ, ਪਹਿਰਾਵਾ, ਕਾਰ-ਵਿਹਾਰ, ਕਦਰਾਂ-ਕੀਮਤਾਂ ਤੇ ਵਿਚਾਰ ਨਹੀਂ ਬਦਲੇ ਤੇ ਅੱਜਕਲ੍ਹ...
ਅਗਿਆਤ
ਠਾਹ ਸੋਟਾ
ਕੁਰਸੀ ਨਾਲ ਚੁੰਬੜੇ ਰਹਿਣ ਦਾ ਕਾਮਯਾਬ ਸੂਤਰ - ਘੱਟ ਗਿਣਤੀਆਂ ਦੇ ਧਾਰਮਿਕ ਅਸਥਾਨ ਢਾਹ ਦਿਓ ਤੇ ਬਹੁਗਿਣਤੀ ਦੇ ਬਣਾ ਦੇਵੋ...
ਅਗਿਆਤ
ਡੂੰਘੇ ਬੋਲ
ਸ਼ਾਤਰ ਕੰਪਨੀਆਂ ਨੇ ਮੀਡੀਆ ਤੇ ਇੰਟਰਨੈੱਟ ਜ਼ਰੀਏ ਘਰੀਂ ਬੈਠੇ ਲੋਕਾਂ ਨੂੰ ਮਜ਼ਦੂਰ ਬਣਾਕੇ ਕਮਾਈ ਦਾ ਇੱਕ ਵਧੀਆ ਤਰੀਕਾ ਲੱਭ ਲਿਆ...
ਅਗਿਆਤ
ਠਾਹ ਸੋਟਾ
ਅੱਜਕਲ੍ਹ ਤੁਸੀਂ ਕਿਸੇ ਵੱਡੇ ਚਵਲ ਦੀ ਗੱਲ ਕਰਦੇ ਓ ਤਾਂ ਤੁਹਾਨੂੰ ਓਸ ਮਗਰ ਲੱਗੀਆਂ ਭੇਡਾਂ ਦਾ ਖਿਆਲ ਵੀ ਰੱਖਣਾ ਪੈਂਦਾ...
ਅਗਿਆਤ
ਟੈਮ-ਟੈਮ ਦੀ ਗੱਲ
ਜਿਨ੍ਹਾਂ ਹੱਥਾਂ 'ਚ ਦਿਨ-ਪੁਰ-ਰਾਤ ਕਲਮਾਂ, ਕਿਤਾਬਾਂ, ਸੰਦ, ਕਰੋਸ਼ੀਏ, ਸਲਾਈਆਂ, ਹੱਥੇ-ਹੱਥੀਆਂ, ਕੜਛੀਆਂ, ਦਾਤੀਆਂ, ਮੂੰਗਲੀਆਂ, ਥਾਪੇ ਅਤੇ ਮੂੰਹਾਂ 'ਤੇ ਮਿੱਠੇ ਬੋਲ, ਅਸੀਸਾਂ, ਬਾਣੀ, ਬਾਤਾਂ, ਅਰਦਾਸਾਂ, ਕਿੱਸੇ-ਕਹਾਣੀਆਂ, ਢੋਲੇ-ਮਾਹੀਏ ਹੁੰਦੇ ਸਨ, ਇੱਕ ਛੋਟੇ ਜਹੇ ਮੋਬਾਈਲ ਨੇ ਸਭ ਛੁਡਵਾ ਦਿੱਤੇ...
ਅਗਿਆਤ